Daniel 1

1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਕਾਲ ਦੇ ਤੀਜੇ ਸਾਲ ਵਿੱਚ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ, ਉਸ ਨੂੰ ਘੇਰ ਲਿਆ । 2ਤਦ ਪਰਮੇਸ਼ੁਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ । ਉਹ ਉਹਨਾਂ ਨੂੰ ਸ਼ਿਨਆਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ ।

3ਰਾਜੇ ਨੇ ਖੁਸਰਿਆਂ ਦੇ ਪ੍ਰਧਾਨ ਅਸਪਨਜ਼ ਨੂੰ ਆਗਿਆ ਦਿੱਤੀ ਕਿ ਉਹ ਇਸਰਾਏਲੀਆਂ ਵਿੱਚੋਂ, ਰਾਜੇ ਦੀ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਚੁਣ ਕੇ ਪੇਸ਼ ਕਰੇ । 4ਉਹ ਨੌਜਵਾਨ ਬੇਦੋਸ਼, ਰੂਪਵੰਤ ਅਤੇ ਸਾਰੀ ਬੁੱਧ ਵਿੱਚ ਹੁਸ਼ਿਆਰ, ਗਿਆਨਵੰਤ ਤੇ ਵਿਦਵਾਨ ਹੋਣ, ਜਿਹਨਾਂ ਦੇ ਵਿੱਚ ਇਹ ਕਾਬਲੀਅਤ ਹੋਵੇ ਜੋ ਉਹ ਸ਼ਾਹੀ ਮਹਿਲ ਵਿੱਚ ਸੇਵਾਦਾਰ ਹੋਣ । ਅਸਪਨਜ਼ ਉਹਨਾਂ ਨੂੰ ਕਸਦੀਆਂ ਦੀ ਵਿੱਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ । 5ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖੀਰ ਨੂੰ ਉਹ ਰਾਜੇ ਦੇ ਸਨਮੁੱਖ ਪੇਸ਼ ਕੀਤੇ ਜਾਣ ।

6ਉਹਨਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ । 7ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ ।

8ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ । ਇਸ ਲਈ ਉਸ ਨੇ ਖੁਸਰਿਆਂ ਦੇ ਪ੍ਰਧਾਨ ਦੇ ਅੱਗੇ ਬੇਨਤੀ ਕੀਤੀ ਜੋ ਉਹ ਨੂੰ ਆਪਣੇ ਆਪ ਨੂੰ ਅਸ਼ੁੱਧ ਕਰਨ ਤੋਂ ਮੁਆਫ਼ ਕੀਤਾ ਜਾਵੇ । 9ਪਰਮੇਸ਼ੁਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਪ੍ਰਧਾਨ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਹੋਈ । 10ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਮੈਂ ਆਪਣੇ ਸੁਆਮੀ ਰਾਜਾ ਤੋਂ ਡਰਦਾ ਹਾਂ ਜਿਸ ਨੇ ਤੁਹਾਡੇ ਖਾਣੇ ਪੀਣੇ ਨੂੰ ਠਹਿਰਾਇਆ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਨਾਲ ਦੇ ਜਵਾਨਾਂ ਨਾਲੋਂ ਤੇਰਾ ਮੂੰਹ ਉਦਾਸ ਅਤੇ ਮਾੜਾ ਦੇਖੇ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਹਜ਼ੂਰ ਵਿੱਚ ਦੋਸ਼ੀ ਪਾਓ ?

11ਤਦ ਦਾਨੀਏਲ ਨੇ ਦਰੋਗੇ ਨੂੰ, ਜਿਹਨੂੰ ਖੁਸਰਿਆਂ ਦੇ ਪ੍ਰਧਾਨ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਤੇ ਨਿਯੁਕਤ ਕੀਤਾ ਸੀ ਆਖਿਆ । 12ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੂੰ ਦਸ ਦਿਨ ਤੱਕ ਆਪਣੇ ਬੰਦਿਆਂ ਨੂੰ ਪਰਖ ਕੇ ਵੇਖ ਅਤੇ ਖਾਣ ਲਈ ਸਾਗ ਪਤ ਤੇ ਪੀਣ ਲਈ ਪਾਣੀ ਹੀ ਸਾਨੂੰ ਦਿੱਤਾ ਜਾਵੇ । 13ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇਂ ਕਰੀਂ ।

14ਉਸ ਨੇ ਉਹਨਾਂ ਦੀ ਇਹ ਗੱਲ ਮੰਨ ਲਈ ਅਤੇ ਦਸ ਦਿਨ ਤੱਕ ਉਹਨਾਂ ਨੂੰ ਪਰਖਿਆ । 15ਦਸ ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੇਰੇ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ । 16ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ ।

17ਪਰਮੇਸ਼ੁਰ ਨੇ ਉਹਨਾਂ ਚਾਰ ਜੁਆਨਾਂ ਨੂੰ ਸਭ ਪ੍ਰਕਾਰ ਦੀ ਸ਼ਾਸਤਰ ਅਤੇ ਸਾਰੀ ਵਿੱਦਿਆ ਵਿੱਚ ਬੁੱਧੀ ਅਤੇ ਨਿਪੁੰਨਤਾ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰਾਂ ਦੇ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ । 18ਜਦ ਉਹ ਦਿਨ ਹੋ ਚੁੱਕੇ ਜਿਹਨਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਦੇ ਸਾਹਮਣੇ ਆਉਣਾ ਸੀ, ਤਦ ਖੁਸਰਿਆਂ ਦਾ ਪ੍ਰਧਾਨ ਉਹਨਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ ।

19ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਦੇ ਵਾਂਗੂੰ ਕੋਈ ਨਹੀਂ ਸੀ, ਇਸ ਲਈ ਉਹ ਰਾਜੇ ਦੇ ਸਨਮੁੱਖ ਦਰਬਾਰੀ ਹੋਣ ਲਈ ਨਿਯੁਕਤ ਕੀਤਾ ਗਿਆ । 20ਬੁੱਧ ਤੇ ਸਮਝ ਦੇ ਵਿਖੇ ਜੋ ਕੁਝ ਰਾਜਾ ਉਹਨਾਂ ਨੂੰ ਪੁੱਛਦਾ ਸੀ, ਉਸ ਵਿੱਚ ਉਹ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ, ਦਸ ਗੁਣਾਂ ਨਿਪੁੰਨ ਸਨ । ਦਾਨੀਏਲ ਖੋਰਸ ਰਾਜਾ ਦੇ ਪਹਿਲੇ ਸਾਲ ਤੱਕ ਦਰਬਾਰੀ ਰਿਹਾ ।

21

Copyright information for PanULB